ੴ

ਸਿੱਖਬਾਣੀ · SikhBani

Ang 1200

Sri Guru Granth Sahib · Raag Saarang · 4 shabads, 29 lines
Translations
Shabad Guru Ramdas Ji Raag Saarang continued from Ang 1199

ਸ੍ਰਵਣੀ ਕੀਰਤਨੁ ਸੁਨਉ ਦਿਨੁ ਰਾਤੀ; ਹਿਰਦੈ ਹਰਿ ਹਰਿ ਭਾਨੀ ॥੩॥

sravanee keeratan sunau din raatee; hiradai har har bhaanee |3|

Sant Singh KhalsaWith my ears, I listen to the Kirtan of His Praises, day and night. I love the Lord, Har, Har, with all my heart. ||3||
Manmohan SinghWith mine ears, day and night, I hear His praise, and my Lord Master love I heartily.
Manmohan Singh (Punjabi)ਆਪਣਿਆਂ ਕੰਨਾ ਨਾਲ ਮੈਂ ਦਿਨ ਰੈਣ ਉਸ ਦਾ ਜੱਸ ਸੁਣਦਾ ਹਾਂ ਅਤੇ ਆਪਣੇ ਸੁਆਮੀ ਮਾਲਕ ਨੂੰ ਮੈਂ ਦਿਲੋਂ ਪਿਆਰ ਕਰਦਾ ਹਾਂ।
Fareedkot Teekaਕਾਨੋਂ ਕਰ ਰਾਤ੍ਰ ਦਿਨ ਕੀਰਤਨ ਕੋ ਸੁਨਤਾ ਹੂੰ ਔਰ ਹਿਰਦੇ ਮੇਂ ਹਰੀ ਹਰਿ ਕੀਰਤੀ ਭਾਈ ਹੈ॥੩॥
Prof. Sahib Singhਕੰਨਾਂ ਨਾਲ ਦਿਨ ਰਾਤ ਤੇਰੀ ਸਿਫ਼ਤ-ਸਾਲਾਹ ਸੁਣਦਾ ਰਹਾਂ, ਅਤੇ ਹਿਰਦੇ ਵਿਚ ਤੂੰ ਮੈਨੂੰ ਪਿਆਰਾ ਲੱਗਦਾ ਰਹੇਂ ॥੩॥

ਪਦ ਅਰਥ ਸ੍ਰਵਣੀ = ਕੰਨਾਂ ਨਾਲ। ਸੁਨਉ = ਸੁਨਉਂ, ਮੈਂ ਸੁਣਦਾ ਰਹਾਂ। ਹਿਰਦੈ = ਹਿਰਦੇ ਵਿਚ। ਭਾਨੀ = ਚੰਗਾ ਲੱਗ ਰਿਹਾ ਹੈ ॥੩॥

SikhNet (Spanish)Con mis oídos escucho noche y día el Kirtan de Tu Alabanza. Amo el Amor del Señor Jar, Jar, con todo mi corazón. (3)

ਪੰਚ ਜਨਾ. ਗੁਰਿ ਵਸਗਤਿ ਆਣੇ; ਤਉ ਉਨਮਨਿ ਨਾਮਿ ਲਗਾਨੀ ॥

panch janaa. gur vasagat aane; tau unaman naam lagaanee |

Sant Singh KhalsaWhen the Guru helped me to overcome the five thieves, then I found ultimate bliss, attached to the Naam.
Manmohan SinghWhen by the Guru's grace, I overwhelmed the five demons then was I attached to the Name in supreme bliss.
Manmohan Singh (Punjabi)ਜਦ ਗੁਰਾਂ ਦੀ ਦਇਆ ਦੁਆਰਾ, ਮੈਂ ਂ ਪੰਜਾ ਭੂਤਨਿਆਂ ਨੂੰ ਕਾਬੂ ਕਰ ਲਿਆ ਤਾਂ ਮੈਂ ਪਰਮ ਪ੍ਰਸੰਨਤਾ ਅੰਦਰ ਨਾਮ ਨਾਲ ਜੁੜ ਗਿਆ।
Fareedkot Teeka(ਪੰਚ ਜਨਾ) ਕਾਮਾਦਿਕ ਪੰਜ ਬਿਕਾਰ ਗੁਰੋਂ ਨੇ ਗਵਨ ਕਰਤੇ ਹੂਏ ਬਸਿ ਆਣ ਦੀਏ ਹੈਂ, ਤੋ (ਉਨਮਨਿ) ਤੁਰੀਆ ਰੂਪ ਨਾਮੀ ਮੇਂ ਬ੍ਰਿਤੀ ਲਗਾਈ ਹੈ॥
Prof. Sahib Singhਜਦੋਂ ਗੁਰੂ ਨੇ ਕਾਮਾਦਿਕ ਪੰਜਾਂ ਨੂੰ (ਕਿਸੇ ਵਡ-ਭਾਗੀ ਦੇ) ਵੱਸ ਵਿਚ ਕਰ ਦਿੱਤਾ, ਤਦੋਂ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਦੀ ਸੁਰਤ ਹਰਿ-ਨਾਮ ਵਿਚ ਜੁੜ ਜਾਂਦੀ ਹੈ।

ਪਦ ਅਰਥ ਪੰਚ ਜਨਾ = ਕਾਮਾਦਿਕ ਪੰਜਾਂ ਨੂੰ। ਗੁਰਿ = ਗੁਰੂ ਨੇ। ਆਣੇ = ਲੈ ਆਂਦੇ। ਤਉ = ਤਦੋਂ। ਉਨਮਨਿ = ਉਨਮਨ ਅਵਸਥਾ ਵਿਚ, ਬਿਰਹੋਂ ਅਵਸਥਾ ਵਿਚ। ਨਾਮਿ = ਨਾਮ ਵਿਚ।

SikhNet (Spanish)Cuando el Guru me asistió para dominar a los cuatro ladrones, entonces encontré el Éxtasis en el Nombre.

ਜਨ ਨਾਨਕ. ਹਰਿ ਕਿਰਪਾ ਧਾਰੀ; ਹਰਿ ਰਾਮੈ ਨਾਮਿ ਸਮਾਨੀ ॥੪॥੫॥

jan naanak. har kirapaa dhaaree; har raamai naam samaanee |4|5|

Sant Singh KhalsaThe Lord has showered His Mercy on servant Nanak; he merges in the Lord, in the Name of the Lord. ||4||5||
Manmohan SinghGod showered His benediction on His slave Nanak, and he got merged in Lord God's Name.
Manmohan Singh (Punjabi)ਵਾਹਿਗੁਰੂ ਨੇ ਆਪਣੇ ਗੋਲੇ ਨਾਨਕ ਉਤੇ ਮਿਹਰ ਕੀਤੀ ਅਤੇ ਉਹ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਪਰ ਹਰੀ ਨੇ ਕ੍ਰਿਪਾ ਧਾਰੀ ਹੈ, ਤਿਨ ਕੀ ਬੁਧੀ ਬ੍ਯਾਪਕ ਹਰੀ ਨਾਮੀ ਮੇਂ ਸਮਾਈ ਹੈ॥੪॥੫॥
Prof. Sahib Singhਦਾਸ ਨਾਨਕ ਆਖਦਾ ਹੈ- (ਹੇ ਭਾਈ!) ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਕੀਤੀ, ਪ੍ਰਭੂ ਦੇ ਨਾਮ ਵਿਚ ਹੀ ਉਸ ਦੀ ਲੀਨਤਾ ਹੋ ਗਈ ॥੪॥੫॥

ਪਦ ਅਰਥ ਰਾਮੈ ਨਾਮਿ = ਪਰਮਾਤਮਾ ਦੇ ਹੀ ਨਾਮ ਵਿਚ ॥੪॥੫॥

SikhNet (Spanish)El Señor ha mostrado Su Misericordia al sirviente Nanak, él se funde en el Señor, en el Nombre del Señor. (4-5)

Open this shabad (11 lines, Angs 1199-1200) →

Shabad Guru Ramdas Ji Raag Saarang

ਸਾਰਗ ਮਹਲਾ ੪ ॥

saarag mahalaa 4 |

Sant Singh KhalsaSaarang, Fourth Mehl:
Manmohan SinghSarang 4th Guru.
Manmohan Singh (Punjabi)ਸਾਰੰਗ ਚੌਥੀ ਪਾਤਿਸ਼ਾਹੀ।
SikhNet (Spanish)Sarang, Mejl Guru Ram Das, Cuarto Canal Divino.

ਜਪਿ ਮਨ ਰਾਮ ਨਾਮੁ ਪੜ੍ਹੁ ਸਾਰੁ ॥

jap man raam naam parrhu saar |

Sant Singh KhalsaO my mind, chant the Name of the Lord, and study His Excellence.
Manmohan SinghO man, repeat and read thou the Lord's sublime Name.
Manmohan Singh (Punjabi)ਹੇ ਬੰਦੇ! ਤੂੰ ਪ੍ਰਭੂ ਦੇ ਸਰੇਸ਼ਟ ਨਾਮ ਨੂੰ ਉਚਾਰ ਅਤੇ ਪੜ੍ਹ।
Fareedkot Teekaਹੇ ਮੇਰੇ ਮਨ! ਰਾਮ ਨਾਮ ਕੋ ਜਪ, ਏਹੀ ਪੜਨਾ (ਸਾਰੁ) ਸ੍ਰੇਸ਼ਟ ਹੈ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਪੜ੍ਹਿਆ ਕਰ, (ਇਹੀ) ਸ੍ਰੇਸ਼ਟ (ਕੰਮ ਹੈ)।

ਪਦ ਅਰਥ ਮਨ = ਹੇ ਮਨ! ਸਾਰੁ = ਸ੍ਰੇਸ਼ਟ (ਕੰਮ)।

SikhNet (Spanish)Oh mi mente, canta el Nombre del Señor y estudia Sus Excelencias, sin el Nombre del Señor,

ਰਾਮ ਨਾਮ ਬਿਨੁ ਥਿਰੁ. ਨਹੀ ਕੋਈ; ਹੋਰੁ ਨਿਹਫਲ ਸਭੁ ਬਿਸਥਾਰੁ ॥੧॥ ਰਹਾਉ ॥

raam naam bin thir. nahee koee; hor nihafal sabh bisathaar |1| rahaau |

Sant Singh KhalsaWithout the Lord's Name, nothing is steady or stable. All the rest of the show is useless. ||1||Pause||
Manmohan SinghWithout the Lord's Name, nothing is stable and in vain are all other ostentations. Pause.
Manmohan Singh (Punjabi)ਪ੍ਰਭੂ ਦੇ ਨਾਮ ਬਗੈਰ, ਕੁਛ ਭੀ ਅਸਥਿਰ ਨਹੀਂ ਅਤੇ ਬੇਫਾਇਦਾ ਹਨ ਹੋਰ ਸਾਰੇ ਅਡੰਬਰ। ਠਹਿਰਾਉ।
Fareedkot Teekaਰਾਮ ਨਾਮ ਜਪੇ ਬਿਨਾਂ ਕੋਈ ਥਿਰ ਨਹੀਂ ਹੋਤਾ ਹੈ ਔਰ ਜਿਤਨਾ ਫੈਲਾਉ ਹੈ ਸਭ ਨਿਸਫਲ ਹੈ॥੧॥ ਰਹਾਉ ॥
Prof. Sahib Singhਹੇ ਮਨ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਇਥੇ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਹੋਰ ਸਾਰਾ ਖਿਲਾਰਾ ਐਸਾ ਹੈ ਜਿਸ ਤੋਂ (ਆਤਮਕ ਜੀਵਨ ਵਾਸਤੇ) ਕੋਈ ਫਲ ਨਹੀਂ ਮਿਲਦਾ ॥੧॥ ਰਹਾਉ ॥

ਪਦ ਅਰਥ ਥਿਰੁ = ਟਿਕਵਾਂ। ਨਿਹਫਲ = ਵਿਅਰਥ। ਬਿਸਥਾਰੁ = ਖਿਲਾਰਾ ॥੧॥ ਰਹਾਉ ॥

SikhNet (Spanish)nada es estable y el resto del teatro no sirve de nada. (1-Pausa)

ਕਿਆ ਲੀਜੈ. ਕਿਆ ਤਜੀਐ ਬਉਰੇ; ਜੋ ਦੀਸੈ ਸੋ ਛਾਰੁ ॥

kiaa leejai. kiaa tajeeai baure; jo deesai so chhaar |

Sant Singh KhalsaWhat is there to accept, and what is there to reject, O madman? Whatever is seen shall turn to dust.
Manmohan SinghWhat is one to accept and what to reject, O mad man, When whatever is seen, that all is but ashes.
Manmohan Singh (Punjabi)ਬੰਦਾ ਕੀ ਕਬੂਲ ਕਰੇ ਅਤੇ ਕੀ ਛਡੇ ਹੇ ਪਗਲੇ ਪ੍ਰਾਣੀ! ਜਦ ਜਿਹੜਾ ਕੁਛ ਦਿੱਸਦਾ ਹੈ, ਉਹ ਸਭ ਕੇਵਲ ਸੁਆਹ ਹੀ ਹੈ।
Fareedkot Teekaਹੇ ਬਾਵਰੇ! ਕਿਆ ਗ੍ਰਹਣ ਕਰੀਏ ਔਰ ਕਿਆ ਤ੍ਯਾਗ ਕਰੀਏ। ਜੋ ਪਰਪੰਚ ਦ੍ਰਿਸ਼ਟ ਆਵਤਾ ਹੈ ਸਭ ਛਾਰ ਹੋ ਜਾਣੇ ਵਾਲਾ ਹੈ॥
Prof. Sahib Singhਹੇ ਕਮਲੇ ਮਨ! ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ (ਸਭ) ਨਾਸਵੰਤ ਹੈ, ਇਸ ਵਿਚੋਂ ਨਾਹ ਕੁਝ ਆਪਣਾ ਬਣਾਇਆ ਜਾ ਸਕਦਾ ਹੈ ਨਾਹ ਛੱਡਿਆ ਜਾ ਸਕਦਾ ਹੈ।

ਪਦ ਅਰਥ ਕਿਆ ਲੀਜੈ = ਕੁਝ ਭੀ ਆਪਣਾ ਨਹੀਂ ਬਣਾਇਆ ਜਾ ਸਕਦਾ। ਤਜੀਐ = ਛੱਡਿਆ ਜਾ ਸਕਦਾ। ਬਉਰੇ = ਹੇ ਕਮਲੇ! ਛਾਰੁ = ਸੁਆਹ, ਨਾਸਵੰਤ।

SikhNet (Spanish)¿Qué hay que aceptar y qué rechazar, humano loco? Todo lo que existe se convertirá en polvo,

ਜਿਸੁ ਬਿਖਿਆ ਕਉ. ਤੁਮੑ ਅਪੁਨੀ ਕਰਿ ਜਾਨਹੁ; ਸਾ ਛਾਡਿ ਜਾਹੁ. ਸਿਰਿ ਭਾਰੁ ॥੧॥

jis bikhiaa kau. tuma apunee kar jaanahu; saa chhaadd jaahu. sir bhaar |1|

Sant Singh KhalsaThat poison which you believe to be your own - you must abandon it and leave it behind. What a load you have to carry on your head! ||1||
Manmohan SinghThe poison, which thou deem as thy own; that thou shall leave off and shall carry the load of sins on thy head.
Manmohan Singh (Punjabi)ਜਿਸ ਜ਼ਹਿਰ ਨੂੰ ਤੂੰ ਆਪਣੀ ਨਿੱਜ ਦੀ ਕਰ ਕੇ ਜਾਣਦਾ ਹੈ, ਉਸ ਨੂੰ ਤੂੰ ਛੱਡ ਜਾਵੇਗਾ ਅਤੇ ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁੱਕ ਤੁਰੇਗਾ।
Fareedkot Teekaਜਿਨ ਵਿਸ਼ਿਓਂ ਕੋ ਤੁਮ ਅਪਨੀ ਵਸਤੂ ਕਰ ਕੇ ਜਾਨਤੇ ਹੋ ਸੋ ਛਾਡ ਜਾਵੋਗੇ ਅਰ (ਸਿਰਿ ਭਾਰੁ) ਮਾਤਾ ਕੇ ਗਰਭ ਮੇਂ; ਵਾ ਨਰਕ ਕੁੰਡ ਮੇਂ ਉਲਟੇ ਪੜੋਗੇ; ਵਾ ਸਿਰ ਪੁਰ ਪਾਪੋਂ ਕਾ ਭਾਰ ਉਠਾਵਤੇ ਹੋ॥੧॥
Prof. Sahib Singhਹੇ ਕਮਲੇ! ਜਿਸ ਮਾਇਆ ਨੂੰ ਤੂੰ ਆਪਣੀ ਸਮਝੀ ਬੈਠਾ ਹੈਂ, ਉਹ ਤਾਂ ਛੱਡ ਜਾਹਿਂਗਾ, (ਉਸ ਦੀ ਖ਼ਾਤਰ ਕੀਤੇ ਪਾਪਾਂ ਦਾ) ਭਾਰ ਹੀ ਆਪਣੇ ਸਿਰ ਉੱਤੇ (ਲੈ ਜਾਹਿਂਗਾ) ॥੧॥

ਪਦ ਅਰਥ ਬਿਖਿਆ = ਮਾਇਆ। ਸਾ = ਉਹ ਮਾਇਆ। ਸਿਰਿ = ਸਿਰ ਉੱਤੇ ॥੧॥

SikhNet (Spanish)pues ese veneno que piensas que es tuyo, debes abandonarlo y dejarlo atrás. ¡Que carga tan pesada tienes que llevar sobre tu espalda. (1)

ਤਿਲੁ ਤਿਲੁ ਪਲੁ ਪਲੁ. ਅਉਧ ਫੁਨਿ ਘਾਟੈ; ਬੂਝਿ. ਨ ਸਕੈ, ਗਵਾਰੁ ॥

til til pal pal. aaudh fun ghaattai; boojh. na sakai, gavaar |

Sant Singh KhalsaMoment by moment, instant by instant, your life is running out. The fool cannot understand this.
Manmohan SinghTrice by trice and moment by moment age decreases, and the unwise man can understand it not.
Manmohan Singh (Punjabi)ਭੋਰਾ ਭੋਰਾ ਅਤੇ ਨਿਮਖ ਨਿਮਖ ਕਰ ਕੇ ਉਮਰ ਘਟਦੀ ਜਾਂਦੀ ਹੈ ਅਤੇ ਬੇਸਮਝ ਬੰਦਾ ਇਸ ਨੂੰ ਸਮਝ ਨਹੀਂ ਸਕਦਾ।
Fareedkot Teekaਤਿਲੁ ਤਿਲੁ, ਭਾਵ ਸੁਆਸ ਸੁਆਸ ਪੁਨਹ ਪਲ ਪਲ ਮਾਤ੍ਰ ਵਿਚ ਅਵਸਥਾ ਘਟਤੀ ਜਾਤੀ ਹੈ, (ਗਵਾਰੁ) ਮੂਰਖ ਸਮਝ ਨਹੀਂ ਸਕਤਾ॥
Prof. Sahib Singhਰਤਾ ਰਤਾ ਕਰ ਕੇ ਪਲ ਪਲ ਕਰ ਕੇ ਉਮਰ ਘਟਦੀ ਜਾਂਦੀ ਹੈ, ਪਰ ਮੂਰਖ ਮਨੁੱਖ (ਇਹ ਗੱਲ) ਸਮਝ ਨਹੀਂ ਸਕਦਾ।

ਪਦ ਅਰਥ ਅਉਧ = ਉਮਰ। ਘਾਟੈ = ਘਟਦੀ ਜਾ ਰਹੀ ਹੈ। ਗਵਾਰੁ = ਮੂਰਖ।

SikhNet (Spanish)Momento a momento, instante a instante tu vida se acaba, esto el tonto no lo entiende,

ਸੋ ਕਿਛੁ ਕਰੈ. ਜਿ ਸਾਥਿ, ਨ ਚਾਲੈ; ਇਹੁ ਸਾਕਤ ਕਾ ਆਚਾਰੁ ॥੨॥

so kichh karai. ji saath, na chaalai; ihu saakat kaa aachaar |2|

Sant Singh KhalsaHe does things which will not go along with him in the end. This is the lifestyle of the faithless cynic. ||2||
Manmohan SinghThat alone he does, which goes not with him. This is the conduct of the mammon-worshipper.
Manmohan Singh (Punjabi)ਕੇਵਲ ਉਸ ਨੂੰ ਹੀ ਉਹ ਕਰਦਾ ਹੈ, ਜੋ ਉਸ ਨਾਲ ਨਹੀਂ ਜਾਣਾ। ਇਹ ਹੈ ਆਚਰਨ ਮਾਇਆ ਦੇ ਪੁਜਾਰੀ ਦਾ।
Fareedkot Teekaਸੋ ਕੁਛ ਕਰਤਾ ਹੈ, ਜੋ ਜੀਵ ਕੇ ਸਾਥ ਨਹੀਂ ਜਾਵੇਗਾ, ਇਹ (ਸਾਕਤ) ਮਨਮੁਖ ਕਾ (ਆਚਾਰੁ) ਕਰਤਬ੍ਯ ਹੈ॥੨॥
Prof. Sahib Singh(ਮੂਰਖ) ਉਹੀ ਕੁਝ ਕਰਦਾ ਰਹਿੰਦਾ ਹੈ ਜੋ (ਅੰਤ ਵੇਲੇ) ਇਸ ਦੇ ਨਾਲ ਨਹੀਂ ਜਾਂਦਾ। ਪਰਮਾਤਮਾ ਨਾਲੋਂ ਟੁੱਟੇ ਮਨੁੱਖ ਦਾ ਸਦਾ ਇਹੀ ਕਰਤੱਬ ਰਹਿੰਦਾ ਹੈ ॥੨॥

ਪਦ ਅਰਥ ਜਿ = ਜਿਹੜਾ। ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਆਚਾਰੁ = ਕਰਤੱਬ ॥੨॥

SikhNet (Spanish)él hace cosas que no se irán con él al final, este es el modo de vida del cínico. (2)

ਸੰਤ ਜਨਾ ਕੈ ਸੰਗਿ ਮਿਲੁ ਬਉਰੇ; ਤਉ ਪਾਵਹਿ ਮੋਖ ਦੁਆਰੁ ॥

sant janaa kai sang mil baure; tau paaveh mokh duaar |

Sant Singh KhalsaSo join together with the humble Saints, O madman, and you shall find the Gate of Salvation.
Manmohan SinghMeet thou with the saints, O mad man, then alone shall thou obtain the door of salvation.
Manmohan Singh (Punjabi)ਸਾਧੂਆਂ ਨਾਲ ਮਿਲ, ਹੈ ਪਗਲੇ ਪਰਾਣੀ! ਕੇਵਲ ਤਦ ਹੀ ਤੈਨੂੰ ਮੁਕਤੀ ਦਾ ਦਰ ਪਰਾਪਤ ਹੋਵੇਗਾ।
Fareedkot Teekaਹੇ ਕਮਲੇ ਜੀਵ! ਸੰਤ ਜਨੋਂ ਕੇ ਸੰਗ ਮਿਲ ਤੌ (ਮੋਖ ਦੁਆਰੁ) ਗਿਆਨ ਕੋ ਪਾਵੇਂਗਾ॥
Prof. Sahib Singhਹੇ ਕਮਲੇ! ਸੰਤ ਜਨਾਂ ਨਾਲ ਮਿਲ ਬੈਠਿਆ ਕਰ, ਤਦੋਂ ਹੀ ਤੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਸਕੇਂਗਾ।

ਪਦ ਅਰਥ ਕੈ ਸੰਗਿ = ਦੇ ਨਾਲ। ਤਉ = ਤਦੋਂ। ਮੋਖ ਦੁਆਰੁ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ।

SikhNet (Spanish)Únete entonces al Santo Humilde, oh humano loco y así encontrarás la Puerta de la Salvación.

ਬਿਨੁ ਸਤਸੰਗ ਸੁਖੁ ਕਿਨੈ. ਨ ਪਾਇਆ; ਜਾਇ ਪੂਛਹੁ ਬੇਦ ਬੀਚਾਰੁ ॥੩॥

bin satasang sukh kinai. na paaeaa; jaae poochhahu bed beechaar |3|

Sant Singh KhalsaWithout the Sat Sangat, the True Congregation, no one finds any peace. Go and ask the scholars of the Vedas. ||3||
Manmohan SinghWithout the society of saints no one obtains peace. Go and consult thou the knower of the Vedas.
Manmohan Singh (Punjabi)ਸਤਿ ਸੰਗਤ ਦੇ ਬਾਝੋਂ ਕਿਸੇ ਨੂੰ ਭੀ ਆਰਾਮ ਪਰਾਪਤ ਨਹੀਂ ਹੁੰਦਾ। ਤੂੰ ਜਾ ਕੇ ਵੇਦਾ ਨੂੰ ਜਾਣਨ ਵਾਲਿਆਂ ਤੋਂ ਪਾਤ ਕਰ ਲੈ।
Fareedkot Teekaਸਤਿਸੰਗ ਸੇ ਬਿਨਾਂ ਸੁਖ ਕਿਸੀ ਨੇ ਨਹੀਂ ਪਾਇਆ ਹੈ। ਚਾਰੇ ਬੇਦ ਕੇ ਬੀਚਾਰਨੇ ਵਾਲੇ ਪੰਡਤੋਂ ਸੇ ਜਾਇ ਕਰ ਪੂਛ ਲੇਵੋ॥੩॥
Prof. Sahib Singhਬੇਸ਼ੱਕ ਵੇਦ (ਆਦਿਕ ਹੋਰ ਧਰਮ-ਪੁਸਤਕਾਂ) ਦਾ ਭੀ ਵਿਚਾਰ ਜਾ ਕੇ ਪੁੱਛ ਵੇਖੋ (ਸਭ ਇਹੀ ਦੱਸਣਗੇ ਕਿ) ਸਾਧ ਸੰਗਤ ਤੋਂ ਬਿਨਾ ਕਿਸੇ ਨੇ ਭੀ ਆਤਮਕ ਆਨੰਦ ਨਹੀਂ ਲੱਭਾ ॥੩॥

ਪਦ ਅਰਥ ਕਿਨੈ = ਕਿਸੇ ਨੇ ਭੀ। ਜਾਇ = ਜਾ ਕੇ ॥੩॥

SikhNet (Spanish)Sin la Saad Sangat, la Verdadera Congregación, nadie encuentra Paz alguna, ve y pregunta a los escolares de los Vedas. (3)

ਰਾਣਾ ਰਾਉ ਸਭੈ ਕੋਊ ਚਾਲੈ; ਝੂਠੁ ਛੋਡਿ ਜਾਇ ਪਾਸਾਰੁ ॥

raanaa raau sabhai koaoo chaalai; jhootth chhodd jaae paasaar |

Sant Singh KhalsaAll the kings and queens shall depart; they must leave this false expanse.
Manmohan SinghThe king and the noble shall all depart, leaving off the false expanses.
Manmohan Singh (Punjabi)ਪਾਤਿਸ਼ਾਹ ਅਤੇ ਸਰਦਾਰ ਕੂੜੇ ਖਿਲਾਰਿਆ ਨੂੰ ਤਿਆਗ ਕੇ ਸਾਰੇ ਹੀ ਟੁਰ ਜਾਣਗੇ।
Fareedkot Teekaਰਾਣਾ ਅਰ ਰਾਉ ਪਦਵੀਆਂ ਵਾਲਾ ਸਭ ਕੋਈ ਇਸ ਝੂਠੇ ਸੰਸਾਰ ਪਸਾਰੇ ਕੇ ਛੋਡ ਕਰ ਚਲਾ ਜਾਵੇਗਾ॥
Prof. Sahib Singhਕੋਈ ਰਾਜਾ ਹੋਵੇ ਪਾਤਿਸ਼ਾਹ ਹੋਵੇ, ਹਰ ਕੋਈ (ਇਥੋਂ ਆਖ਼ਰ) ਤੁਰ ਪੈਂਦਾ ਹੈ, ਇਸ ਨਾਸਵੰਤ ਜਗਤ-ਖਿਲਾਰੇ ਨੂੰ ਛੱਡ ਜਾਂਦਾ ਹੈ।

ਪਦ ਅਰਥ ਰਾਣਾ = ਰਾਜਾ। ਰਾਉ = ਅਮੀਰ। ਸਭੈ ਕੋਊ = ਹਰ ਕੋਈ। ਪਾਸਾਰੁ = ਪਸਾਰਾ।

SikhNet (Spanish)Los reyes y las reinas partirán, ellos deben dejar esta expansión falsa, oh Nanak,

ਨਾਨਕ ਸੰਤ ਸਦਾ ਥਿਰੁ ਨਿਹਚਲੁ; ਜਿਨ ਰਾਮ ਨਾਮੁ ਆਧਾਰੁ ॥੪॥੬॥

naanak sant sadaa thir nihachal; jin raam naam aadhaar |4|6|

Sant Singh KhalsaO Nanak, the Saints are eternally steady and stable; they take the Support of the Name of the Lord. ||4||6||
Manmohan SinghNanak, the saint whose mainstay is the Lord's Name is ever-stable and moveless.
Manmohan Singh (Punjabi)ਨਾਨਕ ਸਾਧੂ ਜਿਸ ਦਾ ਆਸਰਾ ਪ੍ਰਭੂ ਦਾ ਨਾਮ ਹੈ, ਸਦੀਵੀ ਸਥਿਰ ਅਤੇ ਅਹਿੱਲ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤ ਜਨ ਸਦਾ (ਥਿਰੁ) ਵਾਹਿਗੁਰੂ ਮੇਂ ਅਚਲ ਹੈਂ ਜਿਨ ਕੋ ਕੇਵਲ ਰਾਮ ਨਾਮ ਕਾ (ਆਧਾਰੁ) ਆਸਰਾ ਹੈ॥੪॥੬॥☬ਜਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੋ ਗਦੀ ਪਰ ਬੈਠਾ ਦੀਆ। ਤਬ ਪ੍ਰਿਥੀ ਚੰਦ ਜੋ ਗੁਰੂ ਜੀ ਕਾ ਬਡਾ ਪੁਤ੍ਰ ਥਾ, ਸੋ ਪਿਤਾ ਕੋ ਕਹਿਤਾ ਭ੍ਯਾ: ਮੈਂ ਬਾਦਸ਼ਾਹ ਪਾਸ ਪੁਕਾਰ ਕੇ ਆਪ ਕੋ (ਗੁਰੂ) ਅਰਜਨ ਜੀ ਸਹਿਤ ਦਿਲੀ ਵਿਚ ਬੁਲਾਵਾਂਗਾ। ਤਬ ਗੁਰੂ ਜੀ ਏਹ ਸਬਦ ਉਚਾਰਤੇ ਭਏ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਸਰਾ ਬਣਾਇਆ ਹੈ ਉਹ ਸੰਤ ਜਨ (ਇਸ ਮੋਹਨੀ ਮਾਇਆ ਦੇ ਪਸਾਰੇ ਵਿਚ) ਅਡੋਲ-ਚਿੱਤ ਰਹਿੰਦੇ ਹਨ ॥੪॥੬॥

ਪਦ ਅਰਥ ਨਿਹਚਲੁ = ਅਡੋਲ-ਚਿੱਤ। ਆਧਾਰੁ = ਆਸਰਾ ॥੪॥੬॥

SikhNet (Spanish)los Santos están permanentemente quietos y estables, ellos se apoyan en el Nombre del Señor. (4-6)

Open this shabad →

Shabad Guru Ramdas Ji Raag Saarang

ਸਾਰਗ ਮਹਲਾ ੪ ਘਰੁ ੩ ਦੁਪਦਾ ॥

saarag mahalaa 4 ghar 3 dupadaa |

Sant Singh KhalsaSaarang, Fourth Mehl, Third House, Dho-Padhay:
Manmohan SinghSarang 4th Guru. Dupada.
Manmohan Singh (Punjabi)ਸਾਰੰਗ ਚੋਥੀ ਪਾਤਿਸ਼ਾਹੀ। ਦੁਪਦਾ।
Prof. Sahib Singhਰਾਗ ਸਾਰੰਗ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Sarang, Mejl Guru Ram Das, Cuarto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Guru Verdadero.

ਕਾਹੇ ਪੂਤ ਝਗਰਤ ਹਉ, ਸੰਗਿ ਬਾਪ ॥

kaahe poot jhagarat hau, sang baap |

Sant Singh KhalsaO son, why do you argue with your father?
Manmohan SinghWhy, O son, quarrel thou with thy father?
Manmohan Singh (Punjabi)ਪੁਤ੍ਰ! ਤੂੰ ਕਿਉਂ ਆਪਣੇ ਪਿਤਾ ਨਾਲ ਝਗੜਾ ਕਰਦਾ ਹੈ?
Fareedkot Teekaਹੇ ਪੁਤ੍ਰ! ਕਿਸ ਵਾਸਤੇ ਪਿਤਾ ਕੇ ਸਾਥ ਝਗਰਤੇ ਹੋ॥
Prof. Sahib Singhਹੇ ਪੁੱਤਰ! (ਦੁਨੀਆ ਦੇ ਧਨ ਦੀ ਖ਼ਾਤਰ) ਪਿਤਾ ਨਾਲ ਕਿਉਂ ਝਗੜਾ ਕਰਦੇ ਹੋ?

ਪਦ ਅਰਥ ਪੂਤ = ਹੇ ਪੁੱਤਰ! ਕਾਹੇ ਝਗਰਤ ਹਉ = ਕਿਉਂ ਝਗੜਾ ਕਰਦੇ ਹੋ? ਸੰਗਿ ਬਾਪ = ਪਿਤਾ ਨਾਲ।

SikhNet (Spanish)Oh hijo, ¿por qué discutes con tu padre?,

ਜਿਨ ਕੇ ਜਣੇ ਬਡੀਰੇ. ਤੁਮ ਹਉ; ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥

jin ke jane baddeere. tum hau; tin siau jhagarat paap |1| rahaau |

Sant Singh KhalsaIt is a sin to argue with the one who fathered you and raised you. ||1||Pause||
Manmohan SinghIt is a sin to quarrel with him who begot thee and brought thee up. Pause.
Manmohan Singh (Punjabi)ਜਿਸ ਨੇ ਤੈਨੂੰ ਜਾਣਿਆ ਅਤੇ ਵੱਡਾ ਕੀਤਾ ਹੈ ਉਸ ਨਾਲ ਬਖੇੜਾ ਕਰਨਾ ਗੁਨਾਹ ਹੈ। ਠਹਿਰਾਉ।
Fareedkot Teekaਜਿਨ ਕੇ (ਜਣੇ) ਉਤਪਤਿ ਕੀਏ ਹੂਏ ਔਰ ਤੁਮ (ਬਡੀਰੇ) ਵਡਿਆਏ ਹੂਏ ਹੋ। ਤਿਨ ਕੇ ਸਾਥ ਝਗਰਨੇ ਸੇ ਦੋਸ ਲਗਤਾ ਹੈ, ਭਾਵ ਹਮਾਰੇ ਸਾਥ ਝਗਰਨੇ ਸੇ ਤੁਝ ਕੋ ਪਾਪ ਲਗੇਗਾ॥੧॥ ਰਹਾਉ ॥
Prof. Sahib Singhਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ (ਧਨ ਦੀ ਖ਼ਾਤਰ) ਝਗੜਾ ਕਰਨਾ ਮਾੜਾ ਕੰਮ ਹੈ ॥੧॥ ਰਹਾਉ ॥

ਪਦ ਅਰਥ ਜਣੇ = ਜੰਮੇ ਹੋਏ। ਬਡੀਰੇ = ਵੱਡੇ ਕੀਤੇ ਹੋਏ, ਪਾਲੇ ਹੋਏ। ਸਿਉ = ਨਾਲ। ਪਾਪ = ਮਾੜਾ ਕੰਮ ॥੧॥ ਰਹਾਉ ॥

SikhNet (Spanish)es un error discutir con el padre que te educó para crecer. (1-Pausa)

ਜਿਸੁ ਧਨ ਕਾ. ਤੁਮ ਗਰਬੁ ਕਰਤ ਹਉ; ਸੋ ਧਨੁ ਕਿਸਹਿ. ਨ ਆਪ ॥

jis dhan kaa. tum garab karat hau; so dhan kiseh. na aap |

Sant Singh KhalsaThat wealth, which you are so proud of - that wealth does not belong to anyone.
Manmohan SinghThe wealth, of which thou take pride, that wealth is of no one's own.
Manmohan Singh (Punjabi)ਦੌਲਤ, ਜਿਸ ਦਾ ਤੂੰ ਹੰਕਾਰ ਕਰਦਾ ਹੈ, ਉਹ ਦੌਲਤ ਕਿਸੇ ਦੀ ਆਪਣੀ ਨਹੀਂ।
Fareedkot Teekaਜਿਸ ਧਨ ਕਾ ਤੁਮ ਹੰਕਾਰ ਕਰਤੇ ਹੋ ਸੋ ਧਨ ਕਿਸੀ ਕਾ ਅਪਣਾ ਨਹੀਂ ਬਨਾ॥
Prof. Sahib Singhਹੇ ਪੁੱਤਰ! ਜਿਸ ਧਨ ਦਾ ਤੁਸੀਂ ਮਾਣ ਕਰਦੇ ਹੋ, ਉਹ ਧਨ (ਕਦੇ ਭੀ) ਕਿਸੇ ਦਾ ਆਪਣਾ ਨਹੀਂ ਬਣਿਆ।

ਪਦ ਅਰਥ ਗਰਬੁ = ਮਾਣ, ਅਹੰਕਾਰ। ਕਿਸਹਿ ਨ ਆਪ = ਕਿਸੇ ਦਾ ਭੀ ਆਪਣਾ ਨਹੀਂ।

SikhNet (Spanish)Esa riqueza de la que estás tan orgulloso, esa riqueza no le pertenece a nadie,

ਖਿਨ ਮਹਿ ਛੋਡਿ ਜਾਇ ਬਿਖਿਆ ਰਸੁ; ਤਉ ਲਾਗੈ ਪਛੁਤਾਪ ॥੧॥

khin meh chhodd jaae bikhiaa ras; tau laagai pachhutaap |1|

Sant Singh KhalsaIn an instant, you shall have to leave behind all your corrupt pleasures; you shall be left to regret and repent. ||1||
Manmohan SinghIn an instant thou shall leave off the revelments of sin, and then shall thou grieve.
Manmohan Singh (Punjabi)ਇਕ ਮੁਹਤ ਵਿੱਚ ਤੂੰ ਵਿਸ਼ੇ ਵਿਕਾਰਾ ਦੀਆਂ ਰੰਗ-ਰਲੀਆਂ ਛਡ ਜਾਵੇਗਾ ਅਤੇ ਤਦ ਤੈਨੂੰ ਝੋਰਾ ਲੱਗੇਗਾ।
Fareedkot Teekaਜਬ ਇਹ ਬਿਸ੍ਯ ਪਦਾਰਥੋਂ ਕੇ ਰਸ ਛਿਨ ਵਿਖੇ ਛੋਡ ਜਾਤੇ ਹੈਂ ਤਬ ਪੀਛੇ ਸੇ ਪਸਚਾਤਾਪ ਕਰਨਾ ਲਗਤਾ ਹੈ॥੧॥
Prof. Sahib Singhਹਰੇਕ ਮਨੁੱਖ ਮਾਇਆ ਦਾ ਚਸਕਾ (ਅੰਤ ਵੇਲੇ) ਇਕ ਖਿਨ ਵਿਚ ਹੀ ਛੱਡ ਜਾਂਦਾ ਹੈ (ਜਦੋਂ ਛੱਡਦਾ ਹੈ) ਤਦੋਂ ਉਸ ਨੂੰ (ਛੱਡਣ ਦਾ) ਹਾਹੁਕਾ ਲੱਗਦਾ ਹੈ ॥੧॥

ਪਦ ਅਰਥ ਮਹਿ = ਵਿਚ। ਜਾਇ = ਜਾਂਦਾ ਹੈ। ਬਿਖਿਆ = ਮਾਇਆ। ਰਸੁ = ਸੁਆਦ। ਤਉ = ਤਦੋਂ। ਪਛੁਤਾਪ = ਪਛਤਾਵਾ, ਅਫ਼ਸੋਸ ॥੧॥

SikhNet (Spanish)en un instante tendrás que dejar todos tus placeres corruptos y te arrepentirás. (1)

ਜੋ ਤੁਮਰੇ ਪ੍ਰਭ ਹੋਤੇ ਸੁਆਮੀ; ਹਰਿ ਤਿਨ ਕੇ ਜਾਪਹੁ ਜਾਪ ॥

jo tumare prabh hote suaamee; har tin ke jaapahu jaap |

Sant Singh KhalsaHe is God, your Lord and Master - chant the Chant of that Lord.
Manmohan SinghHe, who is thy Lord and Master; of that God, utter thou the Name.
Manmohan Singh (Punjabi)ਜੋ ਤੇਰਾ ਸਾਹਿਬ ਅਤੇ ਮਾਲਕ ਹੈ, ਤੂੰ ਉਸ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
Fareedkot Teekaਜੋ ਪ੍ਰਭੂ ਸ੍ਵਾਮੀ ਗਰਭ ਮੇਂ ਤੁਮਾਰੇ ਰਖਕ ਹੋਤੇ ਥੇ ਤਿਸ ਹਰੀ ਕੇ ਜਾਪ ਕੋ ਜਪੋ॥
Prof. Sahib Singhਹੇ ਪੁੱਤਰ! ਜਿਹੜੇ ਪ੍ਰਭੂ ਜੀ ਤੁਹਾਡੇ (ਸਾਡੇ ਸਭਨਾਂ ਦੇ) ਮਾਲਕ ਹਨ, ਉਹਨਾਂ ਦੇ ਨਾਮ ਦਾ ਜਾਪ ਜਪਿਆ ਕਰੋ।

ਪਦ ਅਰਥ ਜੋ ਪ੍ਰਭ = ਜਿਹੜੇ ਪ੍ਰਭੂ ਜੀ। ਸੁਆਮੀ = ਮਾਲਕ। ਜਾਪਹੁ = ਜਾਪ ਜਪਦੇ ਰਹੋ।

SikhNet (Spanish)Él es Dios, tu Señor y Maestro, canta las Alabanzas de ese Señor.

ਉਪਦੇਸੁ ਕਰਤ. ਨਾਨਕ ਜਨ ਤੁਮ ਕਉ; ਜਉ ਸੁਨਹੁ. ਤਉ ਜਾਇ ਸੰਤਾਪ ॥੨॥੧॥੭॥

aupades karat. naanak jan tum kau; jau sunahu. tau jaae santaap |2|1|7|

Sant Singh KhalsaServant Nanak spreads the Teachings; if you listen to it, you shall be rid of your pain. ||2||1||7||
Manmohan SinghServant Nanak gives thee instruction. If thou hear it, then shall thou rid of the calamity.
Manmohan Singh (Punjabi)ਨੌਕਰ ਨਾਨਕ ਤੈਨੂੰ ਸਿਖ-ਮਤ ਦਿੰਦਾ ਹੈ। ਜੇਕਰ ਤੂੰ ਇਸ ਨੂੰ ਸੁਣ ਲਵੇ ਤਾਂ ਤੂੰ ਮੁਸੀਬਤ ਤੋਂ ਖਲਾਸੀ ਪਾ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਜਨ! ਮੈਂ ਤੁਮ ਕੋ ਉਪਦੇਸ ਕਰਤਾ ਹੂੰ। ਜੇਕਰ ਸੁਨੋਂ, ਭਾਵ ਮਨ ਮੇਂ ਧਾਰੋ ਤੌ ਤੁਮਾਰਾ ਭਲੀ ਪ੍ਰਕਾਰ ਤਪਣਾ ਨਿਬ੍ਰਿਤ ਹੋ ਜਾਵੇਗਾ॥੨॥੧॥੭॥
Prof. Sahib Singhਹੇ ਨਾਨਕ! (ਆਖ-ਹੇ ਪੁੱਤਰ!) ਪ੍ਰਭੂ ਦੇ ਦਾਸ ਜਿਹੜਾ ਉਪਦੇਸ਼ ਤੁਹਾਨੂੰ ਕਰਦੇ ਹਨ ਜੇ ਤੁਸੀਂ ਉਹ ਉਪਦੇਸ਼ (ਧਿਆਨ ਨਾਲ) ਸੁਣੋ ਤਾਂ (ਤੁਹਾਡੇ ਅੰਦਰੋਂ) ਮਾਨਸਕ ਦੁੱਖ-ਕਲੇਸ਼ ਦੂਰ ਹੋ ਜਾਏ ॥੨॥੧॥੭॥

ਪਦ ਅਰਥ ਨਾਨਕ = ਹੇ ਨਾਨਕ! ਜਨ = ਪਰਮਾਤਮਾ ਦੇ ਸੇਵਕ। ਤੁਮ ਕਉ = ਤੁਹਾਨੂੰ। ਜਉ = ਜੇ। ਤਉ = ਤਾਂ। ਜਾਇ = ਦੂਰ ਹੋ ਜਾਇਗਾ। ਸੰਤਾਪ = ਮਾਨਸਕ ਦੁੱਖ-ਕਲੇਸ਼ ॥੨॥੧॥੭॥

SikhNet (Spanish)El Sirviente Nanak esparce las Enseñanzas y si Lo escuchas serás liberado de tu dolor. (2-1-7)

Open this shabad →

Shabad Guru Ramdas Ji Raag Saarang

ਸਾਰਗ ਮਹਲਾ ੪ ਘਰੁ ੫ ਦੁਪਦੇ ਪੜਤਾਲ ॥

saarag mahalaa 4 ghar 5 dupade parrataal |

Sant Singh KhalsaSaarang, Fourth Mehl, Fifth House, Dho-Padhay, Partaal:
Manmohan SinghSarang 4th Guru. Dupadas Partal.
Manmohan Singh (Punjabi)ਸਾਰੰਗ ਚੋਥੀ ਪਾਤਿਸ਼ਾਹੀ। ਦੁਪਦੇ ਪੜਤਾਲ।
Fareedkot Teekaਪੜਤਾਲ ਛੰਦ ਕੀ ਜਾਤੀ ਹੈ।
Prof. Sahib Singhਰਾਗ ਸਾਰੰਗ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ 'ਪੜਤਾਲ'।
SikhNet (Spanish)Sarang, Mejl Guru Ram Das, Cuarto Canal Divino, Du-Padas Partal.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Iluminador.

ਜਪਿ ਮਨ. ਜਗੰਨਾਥ ਜਗਦੀਸਰੋ ਜਗਜੀਵਨੋ; ਮਨਮੋਹਨ ਸਿਉ ਪ੍ਰੀਤਿ ਲਾਗੀ; ਮੈ ਹਰਿ ਹਰਿ ਹਰਿ ਟੇਕ, ਸਭ ਦਿਨਸੁ ਸਭ ਰਾਤਿ ॥੧॥ ਰਹਾਉ ॥

jap man. jaganaath jagadeesaro jagajeevano; manamohan siau preet laagee; mai har har har ttek, sabh dinas sabh raat |1| rahaau |

Sant Singh KhalsaO my mind, meditate on the Lord of the World, the Master of the Universe, the Life of the World, the Enticer of the mind; fall in love with Him. I take the Support of the Lord, Har, Har, Har, all day and all night. ||1||Pause||
Manmohan SinghO my soul, contemplate thou on God, the Lord of the world, the Master of the Universe and the very life of creation. I have imbibed love with God, the heart bewitcher. The whole day and the whole night lean I on the Master, the Master, my Master. Pause.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਜੱਗ ਦੇ ਸਾਂਈ, ਆਲਮ ਦੇ ਮਾਲਕ ਅਤੇ ਰਚਨਾ ਦੀ ਜਿੰਦ ਜਾਨ ਹਰੀ ਦਾ ਸਿਮਰਨ ਕਰ। ਮੇਰਾ ਪਿਆਰ ਦਿਲ ਨੂੰ ਚੁਰਾਉਣ ਵਾਲੇ ਹਰੀ ਨਾਲ ਪੈ ਗਿਆ ਹੈ। ਸਾਰਾ ਦਿਨ ਅਤੇ ਸਾਰੀ ਰੈਣ ਮੈਨੂੰ ਮਾਲਕ, ਮਾਲਕ, ਆਪਣੇ ਮਾਲਕ ਦਾ ਹੀ ਆਸਰਾ ਹੈ। ਠਹਿਰਾਉ।
Fareedkot Teekaਹੇ ਜਗਤ ਕੇ ਨਾਥ ਜਗਦੀਸ੍ਵਰ ਅਰ ਜਗਤ ਕੇ ਜੀਵਨ ਰੂਪ! ਮੇਰੇ ਮਨ ਨੇ ਤੇਰੇ ਕੋ (ਜਾਪਿ) ਜਪਾ ਹੈ। ਪੁਨਹ ਹੇ ਮਨਮੋਹਨ! ਆਪ ਕੇ ਸਾਥ ਮੇਰੀ ਪ੍ਰੀਤਿ ਲਾਗੀ ਹੈ ਔਰ ਮਨ ਤਨ ਬਾਣੀ ਕਰ ਸਭ ਰਾਤ੍ਰਿ ਅਰ ਸਭ ਦਿਨੋਂ ਮੈਂ, ਹੇ ਹਰੀ! ਤੇਰੀ (ਟੇਕ) ਸਰਨ ਲਈ ਹੈ॥੧॥ ਰਹਾਉ ॥
Prof. Sahib Singhਹੇ (ਮੇਰੇ) ਮਨ! ਜਗਤ ਦੇ ਮਾਲਕ ਪਰਮਾਤਮਾ ਦਾ ਨਾਮ ਜਪਿਆ ਕਰ (ਉਸ ਦਾ ਨਾਮ ਜਪਿਆਂ ਉਸ) ਮਨ ਦੇ ਮੋਹਣ ਵਾਲੇ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ। ਮੈਨੂੰ ਤਾਂ ਸਾਰਾ ਦਿਨ ਸਾਰੀ ਰਾਤ ਉਸੇ ਪਰਮਾਤਮਾ ਦਾ ਹੀ ਸਹਾਰਾ ਹੈ ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਜਗੰਨਾਥ = ਜਗਤ ਦਾ ਖਸਮ। ਜਗਦੀਸਰੋ = ਜਗਤ ਦਾ ਈਸ਼੍ਵਰ। ਜਗ ਜੀਵਨੋ = ਜਗਤ ਦਾ ਜੀਵਨ, ਜਗਤ ਦਾ ਸਹਾਰਾ, ਜਗਤ ਨੂੰ ਪੈਦਾ ਕਰਨ ਵਾਲਾ। ਮਨ ਮੋਹਨ = ਮਨ ਨੂੰ ਮੋਹ ਲੈਣ ਵਾਲਾ। ਸਿਉ = ਨਾਲ। ਟੇਕ = ਆਸਰਾ ॥੧॥ ਰਹਾਉ ॥

SikhNet (Spanish)Oh mi mente, medita en el Señor del mundo, el Maestro del Universo, la Vida del Mundo, el Encantador de la mente, enamórate de Él, yo me apoyo en el Señor, Jar, Jar, Jar, noche y día. (1-Pausa)

ਹਰਿ ਕੀ ਉਪਮਾ ਅਨਿਕ, ਅਨਿਕ ਅਨਿਕ ਗੁਨ ਗਾਵਤ; ਸੁਕ ਨਾਰਦ ਬ੍ਰਹਮਾਦਿਕ, ਤਵ ਗੁਨ ਸੁਆਮੀ ਗਨਿਨ. ਨ ਜਾਤਿ ॥

har kee upamaa anik, anik anik gun gaavat; suk naarad brahamaadik, tav gun suaamee ganin. na jaat |

Sant Singh KhalsaEndless, endless, endless are the Praises of the Lord. Suk Dayv, Naarad and the gods like Brahma sing His Glorious Praises. Your Glorious Virtues, O my Lord and Master, cannot even be counted.
Manmohan SinghInnumerable, innumerable, innumerable are the praises of God. Sukhdev, Narad and gods like Brahma sing His praise. Thine virtues, O Lord, can be counted not.
Manmohan Singh (Punjabi)ਅਣਗਿਣਤ, ਅਣਗਿਣਤ, ਅਣਗਿਣਤ ਹਨ ਵਾਹਿਗੁਰੂ ਦੀਆਂ ਸਿਫਤਾਂ। ਸੁਖਦੇਵ, ਨਾਰਦ ਅਤੇ ਬ੍ਰਹਮਾ ਵਰਗੇ ਦੇਵਤੇ ਉਸ ਦਾ ਜੱਸ ਗਾਇਨ ਕਰਦੇ ਹਨ। ਤੇਰੀਆਂ ਨੇਕੀਆਂ, ਹੇ ਪ੍ਰਭੂ! ਗਿਣੀਆਂ ਨਹੀਂ ਜਾ ਸਕਦੀਆਂ।
Fareedkot Teekaਹੇ ਹਰੀ! ਆਪ ਕੀ ਉਪਮਾ ਮਨ ਬਾਣੀ ਕਰ (ਅਨਿਕ) ਅਗਿਨਤ ਹੈ ਔਰ ਅਨੇਕੋਂ ਹੀ ਤੇਰੇ ਗੁਣੋਂ ਕੋ ਗਾਵਤੇ ਹੈਂ।☬ਜੇ ਕਹੈ ਕਿਸੀ ਕਾ ਨਾਮ ਲੇਵੋ? ਸੋ ਕਹਤੇ ਹੈਂ:☬ਸੁਕਦੇਵ ਜੀ, ਨਾਰਦ ਜੀ, ਬ੍ਰਹਮਾਦਿਕ ਸਭ ਦੇਵਤਾ ਗਾਵਤੇ ਹੈਂ। ਹੇ ਸ੍ਵਾਮੀ! ਤੇਰੇ ਗੁਨ ਗਿਨੇ ਨਹੀਂ ਜਾਤੇ ਹੈਂ॥
Prof. Sahib Singhਪਰਮਾਤਮਾ ਦੀਆਂ ਅਨੇਕਾਂ ਵਡਿਆਈਆਂ ਹਨ। ਹੇ ਸੁਆਮੀ ਪ੍ਰਭੂ! ਸੁਕਦੇਵ ਨਾਰਦ ਬ੍ਰਹਮਾ ਆਦਿਕ ਦੇਵਤੇ ਤੇਰੇ ਗੁਣ ਗਾਂਦੇ ਰਹਿੰਦੇ ਹਨ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।

ਪਦ ਅਰਥ ਉਪਮਾ = ਵਡਿਆਈ। ਅਨਿਕ = ਅਨੇਕਾਂ। ਸੁਕ = ਸੁਕਦੇਵ ਰਿਸ਼ੀ। ਨਾਰਦ = ਬ੍ਰਹਮਾ ਦਾ ਪੁੱਤਰ ਨਾਰਦ ਰਿਸ਼ੀ। ਬ੍ਰਹਮਾਦਿਕ = ਬ੍ਰਹਮਾ ਅਤੇ ਹੋਰ ਦੇਵਤੇ। ਤਵ = ਤੇਰੇ। ਸੁਆਮੀ = ਹੇ ਸੁਆਮੀ! ਗਨਿਨ ਨ ਜਾਤ = ਗਿਣੇ ਨਹੀਂ ਜਾ ਸਕਦੇ।

SikhNet (Spanish)Sin Fin, Sin Fin, Sin Fin son las Alabanzas del Señor. Suk Dev, Narad y los dioses como Brahma, cantan Sus Gloriosas Alabanzas. Tus Gloriosas Virtudes, oh mi Señor Maestro, no se pueden ni contar.

ਤੂ ਹਰਿ ਬੇਅੰਤੁ. ਤੂ ਹਰਿ ਬੇਅੰਤੁ, ਤੂ ਹਰਿ ਸੁਆਮੀ; ਤੂ ਆਪੇ ਹੀ ਜਾਨਹਿ, ਆਪਨੀ ਭਾਂਤਿ ॥੧॥

too har beant. too har beant, too har suaamee; too aape hee jaaneh, aapanee bhaant |1|

Sant Singh KhalsaO Lord, You are Infinite, O Lord, You are Infinite, O Lord, You are my Lord and Master; only You Yourself know Your Own Ways. ||1||
Manmohan SinghThou, O God are infinite, Thou, O Lord, are Infinite Thou, O God Lord, of Thyself, know Thine ways.
Manmohan Singh (Punjabi)ਤੂੰ ਹੇ ਵਾਹਿਗੁਰੂ! ਅਨੰਤ ਹੈਂ ਤੂੰ ਹੇ ਵਾਹਿਗੁਰੂ ਅਨੰਤ ਹੈਂ! ਤੂੰ ਹੇ ਵਾਹਿਗੁਰੂ ਸਾਹਿਬ! ਖੁਦ ਹੀ ਆਪਣੇ ਤਰੀਕਿਆਂ ਨੂੰ ਜਾਣਦਾ ਹੈਂ।
Fareedkot Teekaਹੇ ਹਰਿ ਹਰਿ ਸ੍ਵਾਮੀ! ਤੂੰ ਤੀਨੋਂ ਕਾਲੋਂ ਮੇਂ ਬ੍ਯੰਤ ਹੈਂ, ਪੁਨਹ ਤੂੰ ਅਪਨੀ (ਭਾਤਿ) ਤਰਹ ਕੋ ਤੂੰ ਆਪ ਹੀ ਜਾਨਤਾ ਹੈਂ॥੧॥
Prof. Sahib Singhਹੇ ਹਰੀ! ਹੇ ਸੁਆਮੀ! ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ, ਆਪਣੀ ਅਵਸਥਾ ਤੂੰ ਆਪ ਹੀ ਜਾਣਦਾ ਹੈਂ ॥੧॥

ਪਦ ਅਰਥ ਆਪੇ = ਆਪ ਹੀ। ਭਾਂਤਿ = ਕਿਸਮ, ਤਰੀਕਾ ॥੧॥

SikhNet (Spanish)Oh Señor, eres Infinito, oh Señor, eres Infinito, oh Señor, eres mi Señor y Maestro, sólo Tú conoces Tus Modos. (1)

ਹਰਿ ਕੈ ਨਿਕਟਿ ਨਿਕਟਿ, ਹਰਿ ਨਿਕਟ ਹੀ ਬਸਤੇ; ਤੇ ਹਰਿ ਕੇ ਜਨ ਸਾਧੂ, ਹਰਿ ਭਗਾਤ ॥

har kai nikatt nikatt, har nikatt hee basate; te har ke jan saadhoo, har bhagaat |

Sant Singh KhalsaThose who are near, near to the Lord - those who dwell near the Lord - those humble servants of the Lord are the Holy, the devotees of the Lord.
Manmohan SinghGod's men who abide near God, near God; they alone are the saints and God's devotees.
Manmohan Singh (Punjabi)ਰੱਬ ਦੇ ਬੰਦੇ, ਜੋ ਵਾਹਿਗੁਰੂ ਦੇ ਨੇੜੇ, ਵਾਹਿਗੁਰੂ ਦੇ ਨੇੜੇ ਵਸਦੇ ਹਨ, ਕੇਵਲ ਉਹ ਹੀ ਸੰਤ ਅਤੇ ਵਾਹਿਗੁਰੂ ਦੇ ਵੈਰਾਗੀ ਹਨ।
Fareedkot Teekaਜੋ ਮਨ ਕਰ ਕੇ ਹੇ ਹਰੀ! ਤੇਰੇ ਨਿਕਟ ਔਰ ਤਨ ਕਰ ਕੇ ਭੀ ਤੇਰੇ ਨਿਕਟ ਪੁਨਹ ਬਾਣੀ ਕਰ ਕੇ ਭੀ, ਹੇ ਹਰੀ! ਤੇਰੇ ਨਿਕਟ ਬਸਤੇ ਹੈਂ, ਹੇ ਹਰੀ! ਸੋ ਸਾਧੂ ਜਨ ਆਪ ਕੇ ਭਗਤ ਹੈਂ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਨੇੜੇ ਸਦਾ ਪਰਮਾਤਮਾ ਦੇ ਨੇੜੇ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਸਾਧੂ ਜਨ ਹਨ ਪਰਮਾਤਮਾ ਦੇ ਭਗਤ ਹਨ।

ਪਦ ਅਰਥ ਹਰਿ ਕੈ ਨਿਕਟਿ = ਪਰਮਾਤਮਾ ਦੇ ਨੇੜੇ। ਨਿਕਟ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਨਿਕਟਿ' ਦੀ 'ਿ' ਉੱਡ ਗਈ ਹੈ}। ਬਸਤੇ = ਵੱਸਦੇ ਹਨ। ਤੇ = ਉਹ {ਬਹੁ-ਵਚਨ}। ਭਗਾਤ = ਭਗਤ।

SikhNet (Spanish)Los que están cerca, cerca del Señor, los que habitan cerca del Señor, esos Sirvientes Humildes del Señor,

ਤੇ ਹਰਿ ਕੇ ਜਨ, ਹਰਿ ਸਿਉ ਰਲਿ ਮਿਲੇ; ਜੈਸੇ ਜਨ ਨਾਨਕ. ਸਲਲੈ ਸਲਲ ਮਿਲਾਤਿ ॥੨॥੧॥੮॥

te har ke jan, har siau ral mile; jaise jan naanak. salalai salal milaat |2|1|8|

Sant Singh KhalsaThose humble servants of the Lord merge with their Lord, O Nanak, like water merging with water. ||2||1||8||
Manmohan SinghThose slaves of God, O servant Nanak, meet with their God, as water mingles with water.
Manmohan Singh (Punjabi)ਵਾਹਿਗੁਰੂ ਦੇ ਉਹ ਗੋਲੇ, ਹੇ ਨੌਕਰ ਨਾਨਕ! ਆਪਣੇ ਵਾਹਿਗੁਰੂ ਨਾਲ ਇਉਂ ਮਿਲ ਜਾਂਦੇ ਹਨ, ਜਿਸ ਤਰ੍ਹਾਂ ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ।
Fareedkot Teekaਸੋ ਆਪ ਕੇ ਸੰਤ ਹੇ ਹਰੀ! ਆਪ ਕੇ ਸੰਗ ਦਾਸਾ ਭਾਵ ਕਰ ਹਰ ਪ੍ਰਕਾਰ ਕਰ ਐਸੇ ਅਭੇਦ ਹੂਏ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ (ਸਲਲੈ) ਜਲ ਕੇ ਸਾਥ ਜਲ ਮਿਲ ਜਾਤਾ ਹੈ॥੨॥੧॥੮॥
Prof. Sahib Singhਹੇ ਦਾਸ ਨਾਨਕ! ਪਰਮਾਤਮਾ ਦੇ ਉਹ ਸੇਵਕ ਪਰਮਾਤਮਾ ਨਾਲ ਇਕ-ਮਿਕ ਹੋ ਜਾਂਦੇ ਹਨ, ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ॥੨॥੧॥੮॥

ਪਦ ਅਰਥ ਸਿਉ = ਨਾਲ। ਰਲਿ ਮਿਲੇ = ਇਕ-ਮਿਕ ਹੋ ਗਏ। ਸਲਲੈ = ਪਾਣੀ ਵਿਚ। ਸਲਲ = ਪਾਣੀ ॥੨॥੧॥੮॥

SikhNet (Spanish)son los Gurmukjs del Señor. Esos Gurmukjs se funden en el Señor, oh dice Nanak, así como el agua se funde en el agua. (2-1-8)

Open this shabad →

Ang 1200 of 1430