ਧਿਗੁ ਤਿਨੑਾ ਦਾ ਜੀਵਿਆ; ਜਿਨਾ ਵਿਡਾਣੀ ਆਸ ॥੨੧॥
dhig tinaa daa jeeviaa; jinaa viddaanee aas |21|
ਪਦ ਅਰਥ ਵਿਡਾਣੀ = ਬਿਗਾਨੀ। (ਲਫ਼ਜ਼ 'ਜਿਨ੍ਹਾਂ ਅਤੇ 'ਤਿਨ੍ਹਾਂ' ਦੇ ਅੱਖਰ 'ਨ' ਦੇ ਨਾਲ 'ਹ' ਹੈ)। ਵਡੀਆਂ = ਲੰਮੀਆਂ। ਧ੍ਰਿਗੁ = ਫਿਟਕਾਰ-ਯੋਗ ॥੨੧॥
ਧਿਗੁ ਤਿਨੑਾ ਦਾ ਜੀਵਿਆ; ਜਿਨਾ ਵਿਡਾਣੀ ਆਸ ॥੨੧॥
dhig tinaa daa jeeviaa; jinaa viddaanee aas |21|
ਪਦ ਅਰਥ ਵਿਡਾਣੀ = ਬਿਗਾਨੀ। (ਲਫ਼ਜ਼ 'ਜਿਨ੍ਹਾਂ ਅਤੇ 'ਤਿਨ੍ਹਾਂ' ਦੇ ਅੱਖਰ 'ਨ' ਦੇ ਨਾਲ 'ਹ' ਹੈ)। ਵਡੀਆਂ = ਲੰਮੀਆਂ। ਧ੍ਰਿਗੁ = ਫਿਟਕਾਰ-ਯੋਗ ॥੨੧॥
ਫਰੀਦਾ. ਜੇ ਮੈ ਹੋਦਾ ਵਾਰਿਆ; ਮਿਤਾ ਆਇੜਿਆਂ ॥
fareedaa. je mai hodaa vaariaa; mitaa aaeirriaan |
ਪਦ ਅਰਥ ਵਾਰਿਆ ਹੋਦਾ = ਲੁਕਾਇਆ ਹੁੰਦਾ। ਮਿਤਾ ਆਇੜਿਆਂ = ਆਏ ਮਿੱਤ੍ਰਾਂ ਤੋਂ।
ਹੇੜਾ ਜਲੈ ਮਜੀਠ ਜਿਉ; ਉਪਰਿ ਅੰਗਾਰਾ ॥੨੨॥
herraa jalai majeetth jiau; upar angaaraa |22|
ਪਦ ਅਰਥ ਹੇੜਾ = ਸਰੀਰ, ਮਾਸ। ਮਜੀਠ ਜਿਉ = ਮਜੀਠ ਵਾਂਗ। ਜਲੈ = ਸੜਦਾ ਹੈ ॥੨੨॥
* ਨੋਟ: ਉਪਰਲੇ ਦੋਹਾਂ ਸ਼ਲੋਕਾਂ ਵਿਚ ਮਨੁੱਖ ਨੂੰ ਜੀਊਣ ਦੀ ਜਾਚ ਸਿਖਾਂਦੇ ਹੋਏ, ਫਰੀਦ ਜੀ ਨੇ ਕਿਹਾ ਹੈ ਕਿ ਨਾਹ ਤਾਂ ਦੂਜਿਆਂ ਦੇ ਬੂਹੇ ਤੇ ਰੁਲਦਾ ਫਿਰ, ਅਤੇ ਨਾਹ ਹੀ ਘਰ ਆਏ ਕਿਸੇ ਪਰਦੇਸੀ ਦੀ ਸੇਵਾ ਤੋਂ ਚਿੱਤ ਚੁਰਾ।
ਫਰੀਦਾ. ਲੋੜੈ ਦਾਖ ਬਿਜਉਰੀਆਂ; ਕਿਕਰਿ ਬੀਜੈ ਜਟੁ ॥
fareedaa. lorrai daakh bijaureean; kikar beejai jatt |
ਪਦ ਅਰਥ ਬਿਜਉਰੀਆਂ = ਬਿਜੌਰ ਦੇ ਇਲਾਕੇ ਦੀ (ਇਹ ਇਲਾਕਾ ਪਠਾਣੀ ਦੇਸ ਵਿਚ ਮਾਲਾਕੰਦ ਸ੍ਵਾਤ ਤੋਂ ਪਰੇ ਹੈ)। ਦਾਖੁ = ਛੋਟਾ ਅੰਗੂਰ। ਕਿਕਰਿ = ਕਿਕਰੀਆਂ।
ਹੰਢੈ ਉਂਨ ਕਤਾਇਦਾ; ਪੈਧਾ ਲੋੜੈ ਪਟੁ ॥੨੩॥
handtai un kataaeidaa; paidhaa lorrai patt |23|
ਪਦ ਅਰਥ ਹੰਢੈ = ਫਿਰਦਾ ਹੈ। ਪੈਧਾ ਲੋੜੈ = ਪਹਿਨਣਾ ਚਾਹੁੰਦਾ ਹੈ ॥੨੩॥
ਫਰੀਦਾ. ਗਲੀਏ ਚਿਕੜੁ ਦੂਰਿ ਘਰੁ; ਨਾਲਿ ਪਿਆਰੇ ਨੇਹੁ ॥
fareedaa. galee chikarr door ghar; naal piaare nehu |
ਚਲਾ. ਤ ਭਿਜੈ ਕੰਬਲੀ; ਰਹਾਂ. ਤ ਤੁਟੈ ਨੇਹੁ ॥੨੪॥
chalaa. ta bhijai kanbalee; rahaan. ta tuttai nehu |24|
ਪਦ ਅਰਥ ਰਹਾਂ = ਜੇ ਮੈਂ ਰਹਿ ਪਵਾਂ, (ਭਾਵ,) ਜੇ ਮੈਂ ਨਾਹ ਜਾਵਾਂ। ਤ = ਤਾਂ। ਤੁਟੈ = ਟੁੱਟਦਾ ਹੈ। ਨੇਹੁ = ਪਿਆਰ ॥੨੪॥
ਭਿਜਉ ਸਿਜਉ ਕੰਬਲੀ; ਅਲਹ ਵਰਸਉ ਮੇਹੁ ॥
bhijau sijau kanbalee; alah varsau mehu |
ਪਦ ਅਰਥ ਅਲਹ = ਅੱਲਾਹ ਕਰ ਕੇ, ਰੱਬ ਕਰ ਕੇ। ਭਿਜਉ = ਬੇਸ਼ਕ ਭਿੱਜੇ (Let it be soaked) (ਇਹ ਲਫ਼ਜ਼ ਵਿਆਕਰਣ ਅਨੁਸਾਰ 'ਹੁਕਮੀ ਭਵਿੱਖਤ' ਅੱਨ ਪੁਰਖ ਇਕ-ਵਚਨ (Imperative mood, Third person, Singular number) ਹੈ, ਇਸ ਵਾਸਤੇ ਲਫ਼ਜ਼ 'ਕੰਬਲੀ' ਦਾ ਅਰਥ 'ਹੇ ਕੰਬਲੀ!' ਨਹੀਂ ਹੋ ਸਕਦਾ। ਇਸੇ ਤਰ੍ਹਾਂ 'ਵਰਸਉ' ਭੀ 'ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ' ਹੈ, ਇਸ ਦਾ ਅਰਥ ਹੈ 'ਬੇਸ਼ਕ ਬਰਸੇ' (Let it rain) ਇਥੇ ਭੀ ਲਫ਼ਜ਼ 'ਮੋਹੁ' ਦਾ ਅਰਥ 'ਹੇ ਮੀਂਹ!' ਨਹੀਂ ਹੋ ਸਕਦਾ, ਕਿਉਂਕਿ ਲਫ਼ਜ਼ 'ਮੇਹੁ' ਵਿਆਕਰਣ ਅਨੁਸਾਰ ਪਰਤੱਖ ਤੌਰ ਤੇ 'ਕਰਤਾ ਕਾਰਕ, ਇਕ-ਵਚਨ' ਹੈ। ਜੇ 'ਸੰਬੋਧਨ' ਹੁੰਦਾ ਤਾਂ ਇਸ ਦੇ ਅੰਤ ਵਿਚ (ੁ) ਨਾਹ ਹੁੰਦਾ। ਵਧੀਕ ਵਿਚਾਰ ਵਾਸਤੇ। ਲਫ਼ਜ਼ 'ਤੁਟਉ' ਭੀ ਲਫ਼ਜ਼ 'ਭਿਜਉ ਸਿਜਉ' ਅਤੇ 'ਵਰਸਉ' ਵਾਂਗ ਹੀ ਹੈ।
ਜਾਇ ਮਿਲਾ ਤਿਨਾ ਸਜਣਾ; ਤੁਟਉ ਨਾਹੀ. ਨੇਹੁ ॥੨੫॥
jaae milaa tinaa sajanaa; tuttau naahee. nehu |25|
* ਸ਼ਲੋਕ ਨੰ: ੨੪, ੨੫ ਦਾ ਭਾਵ: ਦਰਵੇਸ਼ ਨੂੰ ਦੁਨੀਆ ਦਾ ਕੋਈ ਭੀ ਲਾਲਚ ਰੱਬ ਦੀ ਬੰਦਗੀ ਦੇ ਰਾਹ ਤੋਂ ਲਾਂਭੇ ਨਹੀਂ ਲੈ ਜਾ ਸਕਦਾ।
ਫਰੀਦਾ. ਮੈ ਭੋਲਾਵਾ ਪਗ ਦਾ; ਮਤੁ ਮੈਲੀ ਹੋਇ ਜਾਇ ॥
fareedaa. mai bholaavaa pag daa; mat mailee hoe jaae |
ਪਦ ਅਰਥ ਮੈ = ਮੈਨੂੰ। ਭੋਲਾਵਾ = ਭੁਲੇਖਾ, ਧੋਖਾ, ਵਹਿਮ, ਫ਼ਿਕਰ। ਮਤੁ = ਮਤਾਂ, ਕਿਤੇ ਨ। ਮਤੁ ਹੋ ਜਾਇ = ਮਤਾਂ ਹੋ ਜਾਏ, ਕਿਤੇ ਹੋ ਨ ਜਾਏ।
ਗਹਿਲਾ ਰੂਹੁ. ਨ ਜਾਣਈ; ਸਿਰੁ ਭੀ ਮਿਟੀ ਖਾਇ ॥੨੬॥
gahilaa roohu. na jaanee; sir bhee mittee khaae |26|
ਪਦ ਅਰਥ ਗਹਿਲਾ = ਬੇਪਰਵਾਹ, ਗ਼ਾਫ਼ਿਲ। ਜਾਣਈ = ਜਾਣਦਾ ॥੨੬॥
ਫਰੀਦਾ. ਸਕਰ ਖੰਡੁ ਨਿਵਾਤ ਗੁੜੁ; ਮਾਖਿਓੁ ਮਾਂਝਾ ਦੁਧੁ ॥
fareedaa. sakar khandd nivaat gurr; maakhio maanjhaa dudh |
ਪਦ ਅਰਥ ਨਿਵਾਤ = ਮਿਸਰੀ। ਖੰਡੁ = (ਇਹ ਲਫ਼ਜ਼ ਸਦਾ (ੁ) ਅੰਤ ਹੈ। ਵੇਖੋ ਸ਼ਲੋਕ ਨੰ: ੩੭)। ਮਾਖਿਓੁ = {ਇਸ ਲਫ਼ਜ਼ ਦੇ ਅੱਖਰ 'ੳ' ਨੂੰ ਦੋ ਮਾਤ੍ਰਾਂ ਲੱਗੀਆਂ ਹੋਈਆਂ ਹਨ, (ੋ) ਅਤੇ (ੁ) ਅਸਲ ਲਫ਼ਜ਼ (ੋ) ਨਾਲ ਹੈ 'ਮਾਖਿਓ'। ਪਰ ਇਥੇ ਛੰਦ ਦੀਆਂ ਮਾਤ੍ਰਾਂ ਪੂਰੀਆਂ ਰੱਖਣ ਵਾਸਤੇ ਪੜ੍ਹਨਾ ਹੈ 'ਮਾਖਿਉ'} ਮਾਖਿਓ, ਸ਼ਹਿਦ।
ਸਭੇ ਵਸਤੂ ਮਿਠੀਆਂ; ਰਬ. ਨ ਪੁਜਨਿ ਤੁਧੁ ॥੨੭॥
sabhe vasatoo mittheean; rab. na pujan tudh |27|
ਪਦ ਅਰਥ ਰਬ = ਹੇ ਰੱਬ! ਹੇ ਪਰਮਾਤਮਾ! ਨ ਪੁਜਨਿ = ਨਹੀਂ ਅੱਪੜਦੀਆਂ। ਤੁਧੁ = ਤੈਨੂੰ ॥੨੭॥
ਫਰੀਦਾ. ਰੋਟੀ ਮੇਰੀ ਕਾਠ ਕੀ; ਲਾਵਣੁ ਮੇਰੀ ਭੁਖ ॥
fareedaa. rottee meree kaatth kee; laavan meree bhukh |
ਪਦ ਅਰਥ ਕਾਠ ਕੀ ਰੋਟੀ = ਕਾਠ ਵਾਂਗ ਸੁੱਕੀ ਰੋਟੀ, ਰੁੱਖੀ-ਮਿੱਸੀ ਰੋਟੀ। ਲਾਵਣੁ = ਭਾਜੀ, ਸਲੂਣਾ।
ਜਿਨਾ ਖਾਧੀ ਚੋਪੜੀ; ਘਣੇ ਸਹਨਿਗੇ ਦੁਖ ॥੨੮॥
jinaa khaadhee choparree; ghane sahanige dukh |28|
ਪਦ ਅਰਥ ਘਣੇ = ਬੜੇ। ਚੋਪੜੀ = ਚੰਗੀ-ਚੋਖੀ, ਸੁਆਦਲੀ (ਰੋਟੀ) ॥੨੮॥
ਰੁਖੀ ਸੁਖੀ ਖਾਇ ਕੈ; ਠੰਢਾ ਪਾਣੀ ਪੀਉ ॥
rukhee sukhee khaae kai; tthandtaa paanee peeo |
ਫਰੀਦਾ. ਦੇਖਿ ਪਰਾਈ ਚੋਪੜੀ; ਨਾ ਤਰਸਾਏ ਜੀਉ ॥੨੯॥
fareedaa. dekh paraaee choparree; naa tarasaae jeeo |29|
ਪਦ ਅਰਥ ਦੇਖਿ = ਵੇਖ ਕੇ ॥੨੯॥
* ਨੋਟ: ਇਹਨਾਂ ੩ ਸ਼ਲੋਕਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਬੰਦਗੀ ਕਰਨ ਵਾਲੇ ਬੰਦੇ ਨੂੰ ਪਰਮਾਤਮਾ ਦਾ ਨਾਮ ਸਭ ਪਦਾਰਥਾਂ ਤੋਂ ਵਧੀਕ ਪਿਆਰਾ ਲੱਗਦਾ ਹੈ। ਉਸ ਦਾ ਜੀਵਨ ਸੰਤੋਖ ਵਾਲਾ ਹੁੰਦਾ ਹੈ। ਆਪਣੀ ਹੱਕ ਦੀ ਕਮਾਈ ਦੇ ਸਾਹਮਣੇ ਉਹ ਬਿਗਾਨੇ ਵਧੀਆ ਤੋਂ ਵਧੀਆ ਪਦਾਰਥਾਂ ਦੀ ਭੀ ਪਰਵਾਹ ਨਹੀਂ ਕਰਦਾ।
ਅਜੁ. ਨ ਸੁਤੀ ਕੰਤ ਸਿਉ; ਅੰਗੁ ਮੁੜੇ ਮੁੜਿ ਜਾਇ ॥
aj. na sutee kant siau; ang murre murr jaae |
ਪਦ ਅਰਥ ਸਿਉ = ਨਾਲ। ਅੰਗੁ = ਸਰੀਰ, ਜਿਸਮ। ਮੁੜਿ ਜਾਇ = ਟੁੱਟ ਰਿਹਾ ਹੈ। ਮੁੜੇ ਮੁੜਿ ਜਾਇ = ਮੁੜ ਮੁੜ ਜਾਂਦਾ ਹੈ, ਇਉਂ ਹੈ ਜਿਵੇਂ ਟੁੱਟ ਰਿਹਾ ਹੈ।
ਜਾਇ ਪੁਛਹੁ ਡੋਹਾਗਣੀ; ਤੁਮ ਕਿਉ ਰੈਣਿ ਵਿਹਾਇ ॥੩੦॥
jaae puchhahu ddohaaganee; tum kiau rain vihaae |30|
ਪਦ ਅਰਥ ਡੋਹਾਗਣੀ = ਦੁਹਾਗਣ, ਛੁੱਟੜ, ਪਤੀ ਤੋਂ ਵਿਛੁੜੀ ਹੋਈ, ਭਾਗ-ਹੀਣ, ਮੰਦ-ਭਾਗਣ। ਜਾਇ = ਜਾ ਕੇ। ਰੈਣਿ = ਰਾਤ (ਭਾਵ, ਸਾਰੀ ਜ਼ਿੰਦਗੀ-ਰੂਪ ਰਾਤ) ॥੩੦॥
ਸਾਹੁਰੈ ਢੋਈ. ਨਾ ਲਹੈ; ਪੇਈਐ. ਨਾਹੀ ਥਾਉ ॥
saahurai dtoee. naa lahai; peeeai. naahee thaau |
ਪਦ ਅਰਥ ਸਾਹੁਰੈ = ਸਹੁਰੇ ਘਰ, ਪਰਲੋਕ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਢੋਈ = ਆਸਰਾ, ਥਾਂ। ਪੇਈਐ = ਪੇਕੇ ਘਰ, ਇਸ ਲੋਕ ਵਿਚ।
ਪਿਰੁ ਵਾਤੜੀ. ਨ ਪੁਛਈ; ਧਨ ਸੋਹਾਗਣਿ ਨਾਉ ॥੩੧॥
pir vaatarree. na puchhee; dhan sohaagan naau |31|
ਪਦ ਅਰਥ ਪਿਰੁ = ਖਸਮ-ਪ੍ਰਭੂ। ਵਾਤੜੀ = ਮਾੜੀ ਜਿਹੀ ਭੀ ਵਾਤ। ਧਨ = ਇਸਤ੍ਰੀ ॥੩੧॥
ਸਾਹੁਰੈ ਪੇਈਐ ਕੰਤ ਕੀ; ਕੰਤੁ ਅਗੰਮੁ ਅਥਾਹੁ ॥
saahurai peeeai kant kee; kant agam athaahu |
ਪਦ ਅਰਥ ਅਗੰਮੁ = ਪਹੁੰਚ ਤੋਂ ਪਰੇ। ਅਥਾਹੁ = ਡੂੰਘਾ, ਅਗਾਧ।
ਨਾਨਕ. ਸੋ ਸੋਹਾਗਣੀ; ਜੁ ਭਾਵੈ ਬੇਪਰਵਾਹ ॥੩੨॥
naanak. so sohaaganee; ju bhaavai beparavaah |32|
ਪਦ ਅਰਥ ਬੇਪਰਵਾਹ ਭਾਵੈ = ਬੇ-ਪਰਵਾਹ ਨੂੰ ਪਿਆਰੀ ਲੱਗਦੀ ਹੈ ॥੩੨॥
* ਨੋਟ: ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ, 'ਵਾਰ ਮਾਰੂ ਮ: ੩' ਦੀ ਛੇਵੀਂ ਪਉੜੀ ਵਿਚ ਭੀ ਇਹ ਸ਼ਲੋਕ ਦਰਜ ਹੈ, ਕਈ ਲਫ਼ਜ਼ਾਂ ਦਾ ਫ਼ਰਕ ਹੈ, ਓਥੇ ਇਹ ਸ਼ਲੋਕ ਇਉਂ ਹੈ: ਮ: ੧ ॥ ਸਸੁਰੈ ਪੇਈਐ ਕੰਤ ਕੀ, ਕੰਤੁ ਅਗੰਮੁ ਅਥਾਹੁ ॥ ਨਾਨਕ ਧੰਨੁ ਸਹਾਗਣੀ ਜੋ ਭਾਵਹਿ ਵੇਪਰਵਾਹੁ ॥੨॥੬॥ ਫਰੀਦ ਜੀ ਨੇ ਸ਼ਲੋਕ ਨੰ: ੩੧ ਵਿਚ ਦੱਸਿਆ ਹੈ ਕਿ ਜੇ ਖਸਮ ਕਦੇ ਖ਼ਬਰ ਹੀ ਨਾਹ ਪੁੱਛੇ ਤਾਂ ਨਿਰਾ ਨਾਮ ਹੀ 'ਸੋਹਾਗਣ' ਰੱਖ ਲੈਣਾ ਕਿਸੇ ਕੰਮ ਨਹੀਂ। ਗੁਰੂ ਨਾਨਕ ਦੇਵ ਜੀ ਨੇ 'ਸੋਹਾਗਣ' ਦਾ ਅਸਲ ਲੱਛਣ ਭੀ ਇਸ ਸ਼ਲੋਕ ਵਿਚ ਦੱਸ ਕੇ ਫਰੀਦ ਜੀ ਦੇ ਸ਼ਲੋਕ ਦੀ ਹੋਰ ਵਿਆਖਿਆ ਕਰ ਦਿੱਤੀ ਹੈ।
ਨਾਤੀ ਧੋਤੀ ਸੰਬਹੀ; ਸੁਤੀ ਆਇ ਨਚਿੰਦੁ ॥
naatee dhotee sanbahee; sutee aae nachind |
ਪਦ ਅਰਥ ਸੰਬਹੀ = ਸਜੀ ਹੋਈ, ਫਬੀ ਹੋਈ। ਨਚਿੰਦੁ = ਬੇ-ਫ਼ਿਕਰ।
ਫਰੀਦਾ. ਰਹੀ ਸੁ ਬੇੜੀ ਹਿੰਙੁ ਦੀ; ਗਈ ਕਥੂਰੀ ਗੰਧੁ ॥੩੩॥
fareedaa. rahee su berree hing dee; gee kathooree gandh |33|
ਪਦ ਅਰਥ ਬੇੜੀ = ਵੇੜ੍ਹੀ ਹੋਈ, ਲਿੱਬੜੀ ਹੋਈ। ਕਥੂਰੀ = ਕਸਤੂਰੀ। ਗੰਧੁ = ਸੁਗੰਧੀ, ਖ਼ੁਸ਼ਬੋ ॥੩੩॥
ਜੋਬਨ ਜਾਂਦੇ. ਨਾ ਡਰਾਂ; ਜੇ ਸਹ ਪ੍ਰੀਤਿ. ਨ ਜਾਇ ॥
joban jaande. naa ddaraan; je seh preet. na jaae |
ਪਦ ਅਰਥ ਸਹੁ = ਖਸਮ। ਸਹ ਪ੍ਰੀਤਿ = ਖਸਮ ਦਾ ਪਿਆਰ। (ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦੇ 'ਜੋੜ', 'ਉੱਚਾਰਨ' ਅਤੇ 'ਅਰਥ' ਦੇ ਫ਼ਰਕ ਨੂੰ ਪਾਠਕ ਜਨ ਧਿਆਨ ਨਾਲ ਵੇਖ ਲੈਣ)।
ਫਰੀਦਾ. ਕਿਤੀਂ ਜੋਬਨ ਪ੍ਰੀਤਿ ਬਿਨੁ; ਸੁਕਿ ਗਏ ਕੁਮਲਾਇ ॥੩੪॥
fareedaa. kitanee joban preet bin; suk ge kumalaae |34|
ਪਦ ਅਰਥ ਕਿਤੀ = ਕਿਤਨੇ ਹੀ ॥੩੪॥
ਫਰੀਦਾ. ਚਿੰਤ ਖਟੋਲਾ ਵਾਣੁ ਦੁਖੁ; ਬਿਰਹਿ ਵਿਛਾਵਣ ਲੇਫੁ ॥
fareedaa. chint khattolaa vaan dukh; bireh vichhaavan lef |
ਪਦ ਅਰਥ ਚਿੰਤ = ਚਿੰਤਾ। ਖਟੋਲਾ = ਨਿੱਕੀ ਜਿਹੀ ਖਾਟ, ਨਿੱਕੀ ਜਿਹੀ ਮੰਜੀ। ਬਿਰਹ = ਵਿਛੋੜਾ। ਬਿਰਹਿ = ਵਿਛੋੜੇ ਵਿਚ (ਤੜਪਣਾ)। ਵਿਛਾਵਣ = ਤੁਲਾਈ।
ਏਹੁ ਹਮਾਰਾ ਜੀਵਣਾ; ਤੂ ਸਾਹਿਬ ਸਚੇ ਵੇਖੁ ॥੩੫॥
ehu hamaaraa jeevanaa; too saahib sache vekh |35|
ਪਦ ਅਰਥ ਸਾਹਿਬ = ਹੇ ਸਾਹਿਬ! ॥੩੫॥
ਬਿਰਹਾ ਬਿਰਹਾ ਆਖੀਐ; ਬਿਰਹਾ ਤੂ ਸੁਲਤਾਨੁ ॥
birahaa birahaa aakheeai; birahaa too sulataan |
ਪਦ ਅਰਥ ਬਿਰਹਾ = ਵਿਛੋੜਾ। ਆਖੀਐ = ਆਖਿਆ ਜਾਂਦਾ ਹੈ। ਸੁਲਤਾਨੁ = ਰਾਜਾ।
ਫਰੀਦਾ. ਜਿਤੁ ਤਨਿ ਬਿਰਹੁ, ਨ ਊਪਜੈ; ਸੋ ਤਨੁ ਜਾਣੁ ਮਸਾਨੁ ॥੩੬॥
fareedaa. jit tan birahu, na aoopajai; so tan jaan masaan |36|
ਪਦ ਅਰਥ ਜਿਤੁ ਤਨਿ = ਜਿਸ ਤਨ ਵਿਚ। ਬਿਰਹੁ = ਵਿਛੋੜਾ, ਵਿਛੋੜੇ ਦੀ ਸੂਝ। ਮਸਾਨੁ = ਮੁਰਦੇ ਸਾੜਨ ਦੀ ਥਾਂ। ਜਿਤੁ = ਜਿਸ ਵਿਚ। ਤਨਿ = ਤਨ ਵਿਚ ॥੩੬॥
ਫਰੀਦਾ. ਏ ਵਿਸੁ ਗੰਦਲਾ; ਧਰੀਆਂ ਖੰਡੁ ਲਿਵਾੜਿ ॥
fareedaa. e vis gandalaa; dhareean khandd livaarr |
ਪਦ ਅਰਥ ਏ = ਇਹ ਦੁਨੀਆ ਦੇ ਪਦਾਰਥ। ਵਿਸੁ = ਜ਼ਹਿਰ। ਖੰਡੁ ਲਿਵਾੜਿ = ਖੰਡ ਨਾਲ ਗਲੇਫ਼ ਕੇ।
ਇਕਿ ਰਾਹੇਦੇ ਰਹਿ ਗਏ; ਇਕਿ. ਰਾਧੀ ਗਏ ਉਜਾੜਿ ॥੩੭॥
eik raahede reh ge; ik. raadhee ge ujaarr |37|
ਪਦ ਅਰਥ ਇਕਿ = ਕਈ ਜੀਵ। ਰਾਹੇਦੇ = ਬੀਜਦੇ। ਰਹਿ ਗਏ = ਥੱਕ ਗਏ, ਮੁੱਕ ਗਏ, ਮਰ ਗਏ। ਰਾਧੀ = ਬੀਜੀ ਹੋਈ। ਉਜਾੜਿ = ਉਜਾੜ ਕੇ, ਨਿਖਸਮੀ ਛੱਡ ਕੇ ॥੩੭॥
ਫਰੀਦਾ. ਚਾਰਿ ਗਵਾਇਆ ਹੰਢਿ ਕੈ; ਚਾਰਿ ਗਵਾਇਆ ਸੰਮਿ ॥
fareedaa. chaar gavaaeaa handt kai; chaar gavaaeaa sam |
ਪਦ ਅਰਥ ਹੰਢਿ ਕੈ = ਭਉਂ ਕੇ, ਭਟਕ ਕੇ, ਦੌੜ-ਭੱਜ ਕੇ। ਸੰਮਿ = ਸਉਂ ਕੇ।
ਲੇਖਾ ਰਬੁ ਮੰਗੇਸੀਆ; ਤੂ ਆਂਹੋ ਕੇਰ੍ਹੇ ਕੰਮਿ ॥੩੮॥
lekhaa rab mangeseea; too aanho kerhe kam |38|
ਪਦ ਅਰਥ ਮੰਗੇਸੀਆ = ਮੰਗੇਗਾ। ਆਂਹੋ = ਆਇਆ ਸੈਂ। ਕੇਰ੍ਹੇ ਕੰਮਿ = ਕਿਸ ਕੰਮ ਲਈ? (ਅੱਖਰ 'ਰ' ਦੇ ਹੇਠ 'ਹ' ਹੈ) ॥੩੮॥
ਫਰੀਦਾ. ਦਰਿ ਦਰਵਾਜੈ ਜਾਇ ਕੈ; ਕਿਉ ਡਿਠੋ ਘੜੀਆਲੁ ॥
fareedaa. dar daravaajai jaae kai; kiau ddittho gharreeaal |
ਪਦ ਅਰਥ ਦਰਿ = ਦਰ ਤੇ, ਬੂਹੇ ਤੇ। ਦਰਵਾਜੈ = ਦਰਵਾਜ਼ੇ ਤੇ। ਜਾਇ ਕੈ = ਜਾ ਕੇ। ਕਿਉਂ = ਕੀ?
ਏਹੁ ਨਿਦੋਸਾਂ ਮਾਰੀਐ; ਹਮ ਦੋਸਾਂ ਦਾ ਕਿਆ ਹਾਲੁ ॥੩੯॥
ehu nidosaan maareeai; ham dosaan daa kiaa haal |39|
ਪਦ ਅਰਥ ਨਿਦੋਸਾ = ਬੇ-ਦੋਸਾ। ਮਾਰੀਐ = ਮਾਰ ਖਾਂਦਾ ਹੈ ॥੩੯॥
ਘੜੀਏ ਘੜੀਏ ਮਾਰੀਐ; ਪਹਰੀ ਲਹੈ ਸਜਾਇ ॥
gharree gharree maareeai; paharee lahai sajaae |
ਪਦ ਅਰਥ ਘੜੀਏ ਘੜੀਏ = ਘੜੀ ਘੜੀ ਪਿੱਛੋਂ। ਪਹਰੀ = ਹਰੇਕ ਪਹਿਰ ਮਗਰੋਂ। ਸਜਾਇ = ਦੰਡ, ਕੁੱਟ।
ਸੋ ਹੇੜਾ, ਘੜੀਆਲ ਜਿਉ; ਡੁਖੀ ਰੈਣਿ ਵਿਹਾਇ ॥੪੦॥
so herraa, gharreeaal jiau; ddukhee rain vihaae |40|
ਪਦ ਅਰਥ ਹੇੜਾ = ਸਰੀਰ। ਸਿਉ = ਵਾਂਗ। ਰੈਣਿ = (ਜ਼ਿੰਦਗੀ ਦੀ) ਰਾਤਿ। ਵਿਹਾਇ = ਗੁਜ਼ਰਦੀ ਹੈ, ਬੀਤਦੀ ਹੈ ॥੪੦॥